September 8, 2026
Sangrur
ਮੰਤਰੀ ਦੇ ਸਮਾਗਮ ’ਚ ਨਸ਼ਿਆਂ ਦਾ ਮੁੱਦਾ ਚੁੱਕਣ ਵਾਲੇ ਗੁਲਜ਼ਾਰ ਸਿੰਘ ਦੀ DMCH ਲੁਧਿਆਣਾ ’ਚ ਮੌਤ, ਮਰਨ ਤੋਂ ਪਹਿਲਾਂ ਵੀਡੀਓ ’ਚ ਲਾਏ ਸਨ ਗੰਭੀਰ ਦੋਸ਼ ਦਿੜ੍ਹਬਾ ਹਲਕੇ ਦੇ ਪਿੰਡ ਤੂਰਬੰਜ਼ਾਰਾ ਤੋਂ ਸਾਹਮਣੇ ਆਈ ਇੱਕ ਘਟਨਾ ਨੇ ਪੰਜਾਬ ਵਿੱਚ ਨਸ਼ਿਆਂ ਦੇ ਮੁੱਦੇ ਨੂੰ ਲੈ ਕੇ ਸਿਆਸਤ ਤੋਂ ਲੈ ਕੇ ਪਿੰਡ ਪੱਧਰ ਤੱਕ ਹਲਚਲ ਮਚਾ ਦਿੱਤੀ ਹੈ। ਇੱਕ ਮੰਤਰੀ ਦੇ ਸਮਾਗਮ ਦੌਰਾਨ ਨਸ਼ਿਆਂ ਦਾ ਮੁੱਦਾ ਚੁੱਕਣ ਵਾਲੇ ਮਜ਼ਦੂਰ ਗੁਲਜ਼ਾਰ ਸਿੰਘ ਦੀ ਡੀਐੱਮਸੀ ਲੁਧਿਆਣਾ ਵਿਖੇ ਇਲਾਜ ਦੌਰਾਨ ਮੌਤ ਹੋ ਗਈ ਹੈ। ਗੁਲਜ਼ਾਰ ਸਿੰਘ ਵੱਲੋਂ ਮਰਨ ਤੋਂ ਪਹਿਲਾਂ ਜਾਰੀ ਕੀਤੇ ਗਏ ਵੀਡੀਓ ਬਿਆਨ ਵਿੱਚ ਪੰਚਾਇਤ ਦੇ ਕੁਝ ਨੁਮਾਇੰਦਿਆਂ ’ਤੇ ਗੰਭੀਰ ਦੋਸ਼ ਲਗਾਏ ਗਏ ਸਨ, ਜਿਸ ਤੋਂ ਬਾਅਦ ਹੁਣ ਇਹ ਮਾਮਲਾ ਹੋਰ ਵੀ ਗੰਭੀਰ ਹੋ ਗਿਆ ਹੈ। ਮ੍ਰਿਤਕ ਗੁਲਜ਼ਾਰ ਸਿੰਘ ਦੀ ਦੇਹ ਪੋਸਟਮਾਰਟਮ ਲਈ ਸਥਾਨਕ ਸਿਵਲ ਹਸਪਤਾਲ ਲਿਆਂਦੀ ਜਾ ਚੁੱਕੀ ਹੈ। ਮਾਮਲੇ ਦੀ ਗੰਭੀਰਤਾ ਨੂੰ ਦੇਖਦਿਆਂ ਸਿਵਲ ਹਸਪਤਾਲ ਵਿੱਚ ਭਾਰੀ ਪੁਲੀਸ ਫੋਰਸ ਤਾਇਨਾਤ ਕੀਤੀ ਗਈ ਹੈ। ਇਸ ਦੇ ਨਾਲ ਹੀ ਵੱਖ-ਵੱਖ ਸਿਆਸੀ ਪਾਰਟੀਆਂ ਅਤੇ ਜਥੇਬੰਦੀਆਂ ਦੇ ਆਗੂ ਵੀ ਹਸਪਤਾਲ ਪਹੁੰਚਣੇ ਸ਼ੁਰੂ ਹੋ ਗਏ ਹਨ। ਮ੍ਰਿਤਕ ਦੇ ਪੁੱਤਰ ਲਖਵਿੰਦਰ ਸਿੰਘ ਉਰਫ਼ ਲੱਖਾ ਦੇ ਬਿਆਨਾਂ ਦੇ ਆਧਾਰ ’ਤੇ ਪੁਲੀਸ ਨੇ ਥਾਣਾ ਦਿੜ੍ਹਬਾ ਵਿੱਚ ਪਿੰਡ ਤੂਰਬੰਜ਼ਾਰਾ ਦੀ ਸਰਪੰਚ ਬਲਜਿੰਦਰ ਕੌਰ, ਉਸ ਦੇ ਪਤੀ ਬਲਜੀਤ ਸਿੰਘ, ਸੁਖਦੇਵ ਸਿੰਘ ਉਰਫ਼ ਸੁੱਖਾ, ਵਿੱਕੀ ਸਿੰਘ ਪੰਚ ਅਤੇ ਗੋਨਾ ਸਿੰਘ ਵਾਸੀਆਨ ਤੂਰਬੰਜ਼ਾਰਾ ਖ਼ਿਲਾਫ਼ ਕੇਸ ਦਰਜ ਕੀਤਾ ਹੈ। ਪੁਲੀਸ ਵੱਲੋਂ ਇਹ ਕਾਰਵਾਈ ਧਾਰਾ 108 ਬੀਐੱਨਐੱਸ ਅਤੇ ਐੱਸਸੀ/ਐੱਸਟੀ ਐਕਟ ਦੀਆਂ ਧਾਰਾਵਾਂ 3(1)(r)(s) ਤਹਿਤ ਕੀਤੀ ਗਈ ਹੈ। ਦੱਸਿਆ ਜਾ ਰਿਹਾ ਹੈ ਕਿ 6 ਸਤੰਬਰ ਨੂੰ ਪਿੰਡ ਤੂਰਬੰਜ਼ਾਰਾ ਵਿਖੇ ਇੱਕ ਮੰਤਰੀ ਦੇ ਸਮਾਗਮ ਦੌਰਾਨ ਦਲਿਤ ਭਾਈਚਾਰੇ ਨਾਲ ਸਬੰਧਤ ਮਜ਼ਦੂਰ ਗੁਲਜ਼ਾਰ ਸਿੰਘ ਨੇ ਆਪਣੇ ਪੁੱਤਰ ਦੇ ਨਸ਼ੇ ਦੀ ਲਤ ਦਾ ਮੁੱਦਾ ਚੁੱਕਿਆ ਸੀ। ਉਸ ਨੇ ਕਥਿਤ ਤੌਰ ’ਤੇ ਦੱਸਿਆ ਸੀ ਕਿ ਉਸ ਦਾ ਪੁੱਤਰ ਚਿੱਟਾ ਨਸ਼ਾ ਕਰਦਾ ਹੈ ਅਤੇ ਨਸ਼ੇ ਕਾਰਨ ਘਰ ਦਾ ਸਾਰਾ ਸਮਾਨ ਵੇਚ ਚੁੱਕਾ ਹੈ। ਇਸ ਤੋਂ ਬਾਅਦ ਪਿੰਡ ਦੇ ਕੁਝ ਵਿਅਕਤੀਆਂ ਵੱਲੋਂ ਉਸ ਨੂੰ ਧਮਕਾਉਣ ਦੇ ਦੋਸ਼ ਲਗਾਏ ਗਏ। ਮਾਮਲਾ ਉਸ ਵੇਲੇ ਹੋਰ ਸਨਸਨੀਖੇਜ਼ ਬਣ ਗਿਆ ਜਦੋਂ ਗੁਲਜ਼ਾਰ ਸਿੰਘ ਨੇ ਮਰਨ ਤੋਂ ਪਹਿਲਾਂ ਇੱਕ ਵੀਡੀਓ ਬਿਆਨ ਜਾਰੀ ਕੀਤਾ। ਵੀਡੀਓ ਵਿੱਚ ਉਸ ਨੇ ਦੋਸ਼ ਲਾਇਆ ਕਿ ਪੰਚਾਇਤ ਦੇ ਨੁਮਾਇੰਦਿਆਂ ਵੱਲੋਂ ਉਸ ਨੂੰ ਪੰਚਾਇਤ ਵਿੱਚ ਆ ਕੇ ਮੁਆਫ਼ੀ ਮੰਗਣ ਲਈ ਕਿਹਾ ਗਿਆ ਸੀ। ਗੁਲਜ਼ਾਰ ਸਿੰਘ ਮੁਤਾਬਕ ਉਹ ਪੰਚਾਇਤ ਵਿੱਚ ਨਹੀਂ ਗਿਆ ਅਤੇ ਡਰ ਦੇ ਮਾਹੌਲ ਕਾਰਨ ਉਸ ਨੇ ਸਲਫ਼ਾਸ ਨਿਗਲ ਲਈ। ਇਨ੍ਹਾਂ ਦੋਸ਼ਾਂ ਦੀ ਪੁਸ਼ਟੀ ਅਤੇ ਪੂਰੇ ਘਟਨਾਕ੍ਰਮ ਦੀ ਜਾਂਚ ਹੁਣ ਪੁਲੀਸ ਵੱਲੋਂ ਕੀਤੀ ਜਾ ਰਹੀ ਹੈ। ਸਲਫ਼ਾਸ ਨਿਗਲਣ ਤੋਂ ਬਾਅਦ ਗੁਲਜ਼ਾਰ ਸਿੰਘ ਨੂੰ ਪਹਿਲਾਂ ਸੰਗਰੂਰ ਦੇ ਹਸਪਤਾਲ ਲਿਆਂਦਾ ਗਿਆ। ਉੱਥੋਂ ਉਸ ਨੂੰ ਪਟਿਆਲਾ ਰੈਫ਼ਰ ਕੀਤਾ ਗਿਆ। ਇਸ ਮਗਰੋਂ ਉਸ ਨੂੰ ਮੁੜ ਸੰਗਰੂਰ ਦੇ ਇੱਕ ਨਿੱਜੀ ਹਸਪਤਾਲ ਵਿੱਚ ਲਿਆਂਦਾ ਗਿਆ, ਜਿੱਥੋਂ ਹਾਲਤ ਗੰਭੀਰ ਹੋਣ ਕਾਰਨ ਡੀਐੱਮਸੀ ਲੁਧਿਆਣਾ ਰੈਫ਼ਰ ਕਰ ਦਿੱਤਾ ਗਿਆ। ਪਰ ਇਲਾਜ ਦੌਰਾਨ ਬੀਤੀ ਰਾਤ ਉਸ ਦੀ ਮੌਤ ਹੋ ਗਈ। ਮ੍ਰਿਤਕ ਦੇ ਭਰਾ ਬਿੱਕਰ ਸਿੰਘ ਨੇ ਵੀ ਆਪਣੇ ਭਰਾ ਵੱਲੋਂ ਲਗਾਏ ਦੋਸ਼ਾਂ ਦੀ ਪੁਸ਼ਟੀ ਕੀਤੀ ਹੈ। ਗੁਲਜ਼ਾਰ ਸਿੰਘ ਦੀ ਮੌਤ ਦੀ ਖ਼ਬਰ ਸਾਹਮਣੇ ਆਉਂਦੇ ਹੀ ਸੂਬੇ ਦੀ ਸਿਆਸਤ ਵੀ ਗਰਮਾ ਗਈ ਹੈ। ਕਾਂਗਰਸ ਆਗੂ ਚਰਨਜੀਤ ਸਿੰਘ ਚੰਨੀ, ਸੁਖਪਾਲ ਸਿੰਘ ਖਹਿਰਾ ਅਤੇ ਬਿਕਰਮ ਸਿੰਘ ਮਜੀਠੀਆ ਸਮੇਤ ਕਈ ਆਗੂਆਂ ਵੱਲੋਂ ਸਰਕਾਰ ਨੂੰ ਘੇਰਿਆ ਗਿਆ ਹੈ। ਉੱਥੇ ਹੀ ਸਿਵਲ ਹਸਪਤਾਲ ਵਿੱਚ ਮੌਜੂਦ ਸ਼੍ਰੋਮਣੀ ਅਕਾਲੀ ਦਲ ਦੇ ਸੂਬਾ ਆਗੂ ਵਿਨਰਜੀਤ ਸਿੰਘ ਗੋਲਡੀ, ਅਕਾਲੀ ਦਲ ਵਾਰਿਸ ਪੰਜਾਬ ਦੇ ਆਗੂ ਚਮਨਦੀਪ ਸਿੰਘ ਮਿਲਖੀ, ਭਾਜਪਾ ਆਗੂ ਰਣਦੀਪ ਸਿੰਘ ਦਿਓਲ ਅਤੇ ਕਾਂਗਰਸ ਆਗੂ ਜਗਦੇਵ ਗਾਗਾ ਨੇ ਮੰਗ ਕੀਤੀ ਹੈ ਕਿ ਮ੍ਰਿਤਕ ਵੱਲੋਂ ਮਰਨ ਤੋਂ ਪਹਿਲਾਂ ਵੀਡੀਓ ਵਿੱਚ ਲਗਾਏ ਦੋਸ਼ਾਂ ਦੇ ਆਧਾਰ ’ਤੇ ਇੱਕ ਮੰਤਰੀ ਨੂੰ ਵੀ ਕੇਸ ਵਿੱਚ ਨਾਮਜ਼ਦ ਕੀਤਾ ਜਾਵੇ। ਫਿਲਹਾਲ ਗੁਲਜ਼ਾਰ ਸਿੰਘ ਦੀ ਦੇਹ ਪੋਸਟਮਾਰਟਮ ਲਈ ਸਿਵਲ ਹਸਪਤਾਲ ਵਿੱਚ ਹੈ ਅਤੇ ਪੁਲੀਸ ਵੱਲੋਂ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ। ਹੁਣ ਜਾਂਚ ਵਿੱਚ ਕੀ ਸਾਹਮਣੇ ਆਉਂਦਾ ਹੈ ਅਤੇ ਮ੍ਰਿਤਕ ਵੱਲੋਂ ਲਗਾਏ ਗਏ ਦੋਸ਼ਾਂ ਦੀ ਅਸਲ ਹਕੀਕਤ ਕੀ ਹੈ, ਇਸ ’ਤੇ ਸਭ ਦੀਆਂ ਨਜ਼ਰਾਂ ਟਿਕੀਆਂ ਹੋਈਆਂ ਹਨ।