September 2, 2026
ਹਫ਼ਤੇ ਬਾਅਦ ਵੀ ਬਚਾਅ ਕਾਰਜ ਜਾਰੀ, ਲਾਪਤਾ ਲੋਕਾਂ 'ਚ ਟੈਕਸਾਸ ਦੇ ਕਾਰੋਬਾਰੀ ਵੀ ਸ਼ਾਮਲ
Prabhsimran Singh / Nepal
ਨੇਪਾਲ ਵਿੱਚ ਆਏ ਭਿਆਨਕ ਫਲੈਸ਼ ਫਲੱਡ ਨੂੰ ਇੱਕ ਹਫ਼ਤਾ ਬੀਤਣ ਦੇ ਬਾਵਜੂਦ ਹਾਲਾਤ ਗੰਭੀਰ ਬਣੇ ਹੋਏ ਹਨ। ਨੇਪਾਲ ਪੁਲੀਸ ਮੁਤਾਬਕ ਮੌਤਾਂ ਦੀ ਗਿਣਤੀ 1,127 ਤੱਕ ਪਹੁੰਚ ਗਈ ਹੈ, ਜਦਕਿ ਹਜ਼ਾਰਾਂ ਲੋਕ ਅਜੇ ਵੀ ਲਾਪਤਾ ਹਨ। ਬਚਾਅ ਟੀਮਾਂ ਮਲਬੇ ਅਤੇ ਹੜ੍ਹ ਪ੍ਰਭਾਵਿਤ ਇਲਾਕਿਆਂ ਵਿੱਚ ਲਗਾਤਾਰ ਤਲਾਸ਼ੀ ਮੁਹਿੰਮ ਚਲਾ ਰਹੀਆਂ ਹਨ। ਪ੍ਰਭਾਵਿਤ ਜ਼ਿਲ੍ਹਿਆਂ ਵਿੱਚੋਂ ਸਭ ਤੋਂ ਵੱਧ 348 ਲਾਸ਼ਾਂ ਚਿਤਵਨ, 217 ਨਵਲਪਰਾਸੀ ਪੂਰਬ, 190 ਨਵਲਪਰਾਸੀ ਪੱਛਮ ਅਤੇ 155 ਨੁਵਾਕੋਟ ਤੋਂ ਬਰਾਮਦ ਹੋਈਆਂ ਹਨ। ਇਸ ਤੋਂ ਇਲਾਵਾ ਗੋਰਖਾ, ਧਾਦਿੰਗ, ਰਸੂਵਾ ਅਤੇ ਤਨਾਹੂ ਤੋਂ ਵੀ ਲਾਸ਼ਾਂ ਮਿਲੀਆਂ ਹਨ। ਪੁਲੀਸ ਅਨੁਸਾਰ 1,113 ਲਾਸ਼ਾਂ ਦੀ ਪਛਾਣ ਅਤੇ ਕਾਨੂੰਨੀ ਪ੍ਰਕਿਰਿਆ ਪੂਰੀ ਕੀਤੀ ਜਾ ਚੁੱਕੀ ਹੈ, ਜਿਨ੍ਹਾਂ ਵਿੱਚੋਂ 95 ਦੇਹਾਂ ਪਰਿਵਾਰਾਂ ਹਵਾਲੇ ਕਰ ਦਿੱਤੀਆਂ ਗਈਆਂ ਹਨ। ਅਣਪਛਾਤੀਆਂ ਲਾਸ਼ਾਂ ਦੇ ਵੇਰਵੇ ਪੁਲੀਸ ਦੀ ਵੈੱਬਸਾਈਟ 'ਤੇ ਅਪਲੋਡ ਕੀਤੇ ਗਏ ਹਨ ਤਾਂ ਜੋ ਪਰਿਵਾਰ ਆਪਣੇ ਲਾਪਤਾ ਮੈਂਬਰਾਂ ਦੀ ਪਛਾਣ ਕਰ ਸਕਣ। ਇਹ ਤਬਾਹੀ 26 ਅਗਸਤ ਨੂੰ ਨੇਪਾਲ-ਤਿੱਬਤ ਸਰਹੱਦ ਨੇੜੇ ਗਲੇਸ਼ੀਅਰ ਅਤੇ ਚਟਾਨਾਂ ਦੇ ਖਿਸਕਣ ਤੋਂ ਬਾਅਦ ਆਏ ਅਚਾਨਕ ਹੜ੍ਹ ਕਾਰਨ ਵਾਪਰੀ, ਜਿਸ ਨੇ ਉੱਤਰੀ ਅਤੇ ਮੱਧ ਨੇਪਾਲ ਦੇ ਕਈ ਇਲਾਕਿਆਂ ਨੂੰ ਭਾਰੀ ਨੁਕਸਾਨ ਪਹੁੰਚਾਇਆ। ਟੈਕਸਾਸ ਦੇ ਭਾਰਤੀ ਮੂਲ ਦੇ ਜੋੜੇ ਵੀ ਲਾਪਤਾ ਇਸ ਆਫ਼ਤ ਵਿੱਚ ਉੱਤਰੀ ਟੈਕਸਾਸ ਦੇ ਕਾਰੋਬਾਰੀ ਦੀਪਕ ਆਹੂਜਾ (60) ਅਤੇ ਉਨ੍ਹਾਂ ਦੀ ਪਤਨੀ ਮਧੂ ਆਹੂਜਾ (57) ਵੀ ਲਾਪਤਾ ਦੱਸੇ ਜਾ ਰਹੇ ਹਨ। ਦੋਵੇਂ ਕੈਲਾਸ਼ ਮਾਨਸਰੋਵਰ ਯਾਤਰਾ ਤੋਂ ਵਾਪਸ ਆ ਰਹੇ ਸਨ ਅਤੇ ਚੀਨ-ਨੇਪਾਲ ਸਰਹੱਦ ਨੇੜੇ ਗਾਇਰੋਂਗ ਪੋਰਟ ਇਲਾਕੇ ਵਿੱਚ ਸੰਚਾਰ ਟੁੱਟਣ ਤੋਂ ਬਾਅਦ ਉਨ੍ਹਾਂ ਨਾਲ ਸੰਪਰਕ ਨਹੀਂ ਹੋ ਸਕਿਆ। ਇਸ ਤੋਂ ਇਲਾਵਾ ਅਰਚਨਾ ਸੁਰੇਸ਼ ਅਤੇ ਰਘੂ ਰਾਜਨ ਨਾਮਕ ਇੱਕ ਹੋਰ ਟੈਕਸਾਸ ਵਾਸੀ ਜੋੜੇ ਦੇ ਵੀ ਰਸੂਵਾਗੜ੍ਹੀ-ਤਿਮੁਰੇ ਖੇਤਰ ਵਿੱਚ ਲਾਪਤਾ ਹੋਣ ਦੀ ਜਾਣਕਾਰੀ ਹੈ। ਅਮਰੀਕੀ ਅਧਿਕਾਰੀਆਂ ਮੁਤਾਬਕ ਸ਼ੁਰੂਆਤੀ ਪੜਾਅ ਵਿੱਚ ਪ੍ਰਭਾਵਿਤ ਨਦੀ ਘਾਟੀ ਖੇਤਰ ਤੋਂ 85-90 ਦੇ ਕਰੀਬ ਅਮਰੀਕੀ ਨਾਗਰਿਕਾਂ ਦੇ ਲਾਪਤਾ ਹੋਣ ਦੀ ਸੂਚਨਾ ਮਿਲੀ ਸੀ।
Nepal Flash Floods Nepal Floods