April 10, 2026 00:35:36
ਮਹਿੰਦਰਾ ਕਾਲਜ ਦੇ 150 ਸਾਲ ਪੂਰੇ | ਵਿਰਾਸਤ, ਗਿਆਨ ਤੇ ਚਰਿੱਤਰ ਦਾ ਪ੍ਰਤੀਕ ਬਣਿਆ ਸੰਸਥਾਨ
ਨਰੂਲਾ / Patiala
ਪਟਿਆਲਾ, 9 ਅਪ੍ਰੈਲ: ਪੰਜਾਬ ਦੇ ਰਾਜਪਾਲ ਗੁਲਾਬ ਚੰਦ ਕਟਾਰੀਆ ਨੇ ਸਰਕਾਰੀ ਮਹਿੰਦਰਾ ਕਾਲਜ, ਪਟਿਆਲਾ ਦੇ 150ਵੇਂ ਸਥਾਪਨਾ ਦਿਵਸ ਮੌਕੇ ਆਯੋਜਿਤ “ਸਫ਼ਰ-ਏ-ਫ਼ਖਰ” ਸਮਾਗਮ ਦੇ ਸਮਾਪਤੀ ਸਮਾਰੋਹ ਵਿੱਚ ਸ਼ਿਰਕਤ ਕੀਤੀ ਅਤੇ ਕਾਲਜ ਦੀ ਸ਼ਾਨਦਾਰ ਵਿਰਾਸਤ ਦੀ ਪ੍ਰਸ਼ੰਸਾ ਕੀਤੀ। ਰਾਜਪਾਲ ਨੇ ਨੌਜਵਾਨਾਂ ਨੂੰ ਸੰਦੇਸ਼ ਦਿੰਦਿਆਂ ਕਿਹਾ ਕਿ ਉਹ ਆਪਣੀ ਸਿੱਖਿਆ ਦੀ ਵਰਤੋਂ ਸਮਾਜ ਦੇ ਸਭ ਤੋਂ ਪਿੱਛੜੇ ਅਤੇ ਲੋੜਵੰਦ ਲੋਕਾਂ ਦੀ ਸੇਵਾ ਅਤੇ ਰਾਸ਼ਟਰ ਨਿਰਮਾਣ ਲਈ ਕਰਨ। ਉਨ੍ਹਾਂ ਵਿਦਿਆਰਥੀਆਂ ਨੂੰ ਵੱਡੇ ਸੁਪਨੇ ਦੇਖਣ, ਅਸਫਲਤਾਵਾਂ ਤੋਂ ਸਿੱਖਣ ਅਤੇ ਆਪਣੀਆਂ ਸਮਾਜਿਕ ਜ਼ਿੰਮੇਵਾਰੀਆਂ ਨਿਭਾਉਣ ਲਈ ਪ੍ਰੇਰਿਤ ਕੀਤਾ। ਉਨ੍ਹਾਂ ਨੇ ਕਿਹਾ ਕਿ ਸਰਕਾਰੀ ਮਹਿੰਦਰਾ ਕਾਲਜ ਸਿਰਫ਼ ਇੱਕ ਸਿੱਖਿਆ ਸੰਸਥਾ ਨਹੀਂ, ਸਗੋਂ ਗਿਆਨ, ਚਰਿੱਤਰ ਅਤੇ ਪਰੰਪਰਾ ਦਾ ਪ੍ਰਕਾਸ਼ ਹੈ, ਜਿਸ ਨੇ ਡੇਢ ਸਦੀ ਤੋਂ ਵੱਧ ਸਮੇਂ ਤੋਂ ਦੇਸ਼ ਦੀ ਸੇਵਾ ਕੀਤੀ ਹੈ। ਇਸ ਮੌਕੇ ਰਾਜਪਾਲ ਵੱਲੋਂ ਕਾਲਜ ਵਿੱਚ ਯਾਦਗਾਰੀ ਹਰਬਲ ਗਾਰਡਨ, ਹੈਰੀਟੇਜ ਰੂਮ ਅਤੇ ਵਿੰਟੇਜ ਫੋਟੋ ਗੈਲਰੀ ਦਾ ਉਦਘਾਟਨ ਕੀਤਾ ਗਿਆ ਅਤੇ ਸਾਲਾਨਾ ਮੈਗਜ਼ੀਨ ਵੀ ਜਾਰੀ ਕੀਤੀ ਗਈ। ਉਨ੍ਹਾਂ ਕਿਹਾ ਕਿ ਇਹ ਯਤਨ ਕਾਲਜ ਦੀ ਅਮੀਰ ਵਿਰਾਸਤ ਨੂੰ ਸੰਭਾਲਣ ਅਤੇ ਨਵੀਂ ਪੀੜ੍ਹੀ ਨਾਲ ਜੋੜਨ ਵਿੱਚ ਮਹੱਤਵਪੂਰਨ ਸਾਬਤ ਹੋਣਗੇ। ਉਨ੍ਹਾਂ ਅਧਿਆਪਕਾਂ ਨੂੰ ਅਪੀਲ ਕੀਤੀ ਕਿ ਉਹ ਵਿਦਿਆਰਥੀਆਂ ਨੂੰ ਸਿਰਫ਼ ਪ੍ਰੀਖਿਆਵਾਂ ਲਈ ਨਹੀਂ, ਸਗੋਂ ਜੀਵਨ ਦੀਆਂ ਚੁਣੌਤੀਆਂ ਦਾ ਸਾਹਮਣਾ ਕਰਨ ਲਈ ਵੀ ਤਿਆਰ ਕਰਨ। ਉਨ੍ਹਾਂ ਨੇ ਸਿੱਖਿਆ ਨੂੰ ਚਰਿੱਤਰ ਅਤੇ ਜੀਵਨ ਨਿਰਮਾਣ ਦੀ ਪ੍ਰਕਿਰਿਆ ਦੱਸਿਆ। ਕਾਲਜ ਦੇ ਇਤਿਹਾਸ ਬਾਰੇ ਗੱਲ ਕਰਦਿਆਂ ਉਨ੍ਹਾਂ ਦੱਸਿਆ ਕਿ 1875 ਵਿੱਚ ਸਥਾਪਿਤ ਇਸ ਸੰਸਥਾ ਨੇ ਆਜ਼ਾਦੀ ਸੰਘਰਸ਼ ਤੋਂ ਲੈ ਕੇ ਆਧੁਨਿਕ ਯੁੱਗ ਤੱਕ ਕਈ ਮੀਲ ਪੱਥਰ ਹਾਸਲ ਕੀਤੇ ਹਨ ਅਤੇ ਅੱਜ ਵੀ ਉੱਚ ਮਿਆਰੀ ਸਿੱਖਿਆ ਦਾ ਪ੍ਰਤੀਕ ਬਣੀ ਹੋਈ ਹੈ। ਇਸ ਮੌਕੇ ਕਾਲਜ ਦੇ ਪ੍ਰਿੰਸੀਪਲ ਡਾ. ਨਿਸ਼ਠਾ ਤ੍ਰਿਪਾਠੀ ਵੱਲੋਂ ਰਾਜਪਾਲ ਦਾ ਸਵਾਗਤ ਕੀਤਾ ਗਿਆ ਅਤੇ ਕਈ ਅਧਿਆਪਕਾਂ, ਕਰਮਚਾਰੀਆਂ ਅਤੇ ਹੋਨਹਾਰ ਵਿਦਿਆਰਥੀਆਂ ਨੂੰ ਸਨਮਾਨਿਤ ਕੀਤਾ ਗਿਆ। #Patiala #Punjab #Governor #GulabChandKataria #MahindraCollege #150Years #Education #Inspiration #Youth #Students #Teachers #Learning #Heritage #IndiaEducation #Motivation #NationBuilding #SocialResponsibility #Knowledge #Character #FutureLeaders #AcademicExcellence #PunjabNews #IndiaNews #BreakingNews #Success #Innovation #AI #SkillDevelopment #ddconline
Punjab Governor Mahindra College Patiala