October 26, 2026
ਰਾਹੁਲ ਗਾਂਧੀ ਦੇ ਕਾਫ਼ਲੇ ਦੀਆਂ ਗੱਡੀਆਂ ਆਪਸ ਵਿੱਚ ਟਕਰਾਈਆਂ, ਸੁਰੱਖਿਅਤ ਹਨ ਕਾਂਗਰਸੀ ਆਗੂ
Prabhsimran Singh / Uttar Pradesh
ਕਾਂਗਰਸੀ ਆਗੂ ਅਤੇ ਲੋਕ ਸਭਾ ਵਿੱਚ ਵਿਰੋਧੀ ਧਿਰ ਦੇ ਨੇਤਾ ਰਾਹੁਲ ਗਾਂਧੀ ਦੇ ਕਾਫ਼ਲੇ ਦੀਆਂ ਕੁਝ ਗੱਡੀਆਂ ਸੋਮਵਾਰ ਨੂੰ ਪੂਰਵਾਂਚਲ ਐਕਸਪ੍ਰੈੱਸ-ਵੇਅ ’ਤੇ ਆਪਸ ਵਿੱਚ ਟਕਰਾ ਗਈਆਂ। ਇਹ ਹਾਦਸਾ ਉਸ ਸਮੇਂ ਵਾਪਰਿਆ ਜਦੋਂ ਰਾਹੁਲ ਗਾਂਧੀ ਆਪਣੇ ਖ਼ਿਲਾਫ਼ ਦਰਜ ਮਾਣਹਾਨੀ ਦੇ ਮਾਮਲੇ ਦੀ ਸੁਣਵਾਈ ਲਈ ਸੁਲਤਾਨਪੁਰ ਜਾ ਰਹੇ ਸਨ। ਪੁਲੀਸ ਅਧਿਕਾਰੀ ਨੇ ਇਸ ਘਟਨਾ ਦੀ ਜਾਣਕਾਰੀ ਦਿੱਤੀ। ਪੁਲੀਸ ਅਨੁਸਾਰ, ਇਸ ਹਾਦਸੇ ਵਿੱਚ ਰਾਹੁਲ ਗਾਂਧੀ ਪੂਰੀ ਤਰ੍ਹਾਂ ਸੁਰੱਖਿਅਤ ਹਨ। ਘਟਨਾ ਗੰਭੀਰ ਨਹੀਂ ਸੀ ਅਤੇ ਕਿਸੇ ਦੇ ਵੀ ਵੱਡੀ ਸੱਟ ਲੱਗਣ ਦੀ ਸੂਚਨਾ ਨਹੀਂ ਮਿਲੀ। ਇਹ ਹਾਦਸਾ ਸਵੇਰੇ ਲਗਪਗ 10:15 ਵਜੇ ਵਾਪਰਿਆ, ਜਦੋਂ ਕਾਫ਼ਲੇ ਦੇ ਅੱਗੇ ਚੱਲ ਰਹੀ ਸਥਾਨਕ ਕਾਂਗਰਸੀ ਆਗੂਆਂ ਦੀ ਇੱਕ ਨਿੱਜੀ ਗੱਡੀ ਨੇ ਅਚਾਨਕ ਬ੍ਰੇਕ ਲਗਾ ਦਿੱਤੀ। ਇਸ ਕਾਰਨ ਪਿੱਛੇ ਆ ਰਹੀਆਂ ਗੱਡੀਆਂ ਇੱਕ-ਦੂਜੇ ਨਾਲ ਟਕਰਾ ਗਈਆਂ। ਪੁਲੀਸ ਅਧਿਕਾਰੀ ਨੇ ਦੱਸਿਆ ਕਿ ਹਾਦਸੇ ਤੋਂ ਤੁਰੰਤ ਬਾਅਦ ਕਾਫ਼ਲਾ ਸੁਲਤਾਨਪੁਰ ਲਈ ਰਵਾਨਾ ਹੋ ਗਿਆ। ਪੁਲੀਸ ਕਰਮਚਾਰੀਆਂ ਦੀ ਅਗਵਾਈ ਹੇਠ ਜਾ ਰਿਹਾ ਇਹ ਕਾਫ਼ਲਾ ਸਵੇਰੇ ਲਗਪਗ 11:15 ਵਜੇ ਸੁਲਤਾਨਪੁਰ ਅਦਾਲਤ ਪਹੁੰਚਣ ਦੀ ਉਮੀਦ ਸੀ, ਜਿੱਥੇ ਰਾਹੁਲ ਗਾਂਧੀ ਵਿਰੁੱਧ ਦਰਜ ਮਾਣਹਾਨੀ ਦੇ ਮਾਮਲੇ ਦੀ ਸੁਣਵਾਈ ਹੋਣੀ ਸੀ। ਇਹ ਮਾਮਲਾ 2018 ਦੀਆਂ ਕਰਨਾਟਕ ਵਿਧਾਨ ਸਭਾ ਚੋਣਾਂ ਤੋਂ ਪਹਿਲਾਂ ਬੈਂਗਲੁਰੂ ਵਿੱਚ ਇੱਕ ਰੈਲੀ ਦੌਰਾਨ ਰਾਹੁਲ ਗਾਂਧੀ ਵੱਲੋਂ ਤਤਕਾਲੀ ਭਾਜਪਾ ਪ੍ਰਧਾਨ ਅਮਿਤ ਸ਼ਾਹ ਬਾਰੇ ਕੀਤੀਆਂ ਗਈਆਂ ਕਥਿਤ ਇਤਰਾਜ਼ਯੋਗ ਟਿੱਪਣੀਆਂ ਨਾਲ ਸਬੰਧਤ ਹੈ।
Rahul Gandhi Congress Rahul Gandhi Convoy Accident Purvanchal Expressway Sultanpur Court Defamation Case Amit Shah Congress News Uttar Pradesh News Political News