February 13, 2026 11:12:21
-ਪਿੰਡ ਕਿਲਾ ਹਕੀਮਾ, ਕਾਂਝਲਾ ਅਤੇ ਬਾਲੀਆਂ ਦੀ ਲੱਡਾ - ਬਾਲੀਆਂ ਸੜਕ 'ਤੇ ਲਗਭਗ 18 ਕਿ. ਮੀ. ’ਤੇ 89 ਲੱਖ ਰੁਪਏ ਦੀ ਲਾਗਤ ਨਾਲ ਲਗਾਈਆਂ ਜਾਣਗੀਆਂ ਇੰਟਰਲਾਕ ਟਾਈਲਾਂ : ਓ.ਐਸ.ਡੀ. ਸੁਖਵੀਰ ਸਿੰਘ*
*-ਸੜਕ ਦਾ ਆਲਾ-ਦੁਆਲਾ ਪੱਕਾ ਹੋਣ ਨਾਲ ਆਵਾਜਾਈ ਹੋਵੇਗੀ ਹੋਰ ਸੁਖਾਲੀ ਅਤੇ ਸੁਰੱਖਿਅਤ*
Arvinder Mohan Singh / Sangrur
ਧੂਰੀ ਹਲਕੇ ਦੇ ਪਿੰਡਾਂ ਦਾ ਸਰਵਪੱਖੀ ਅਤੇ ਯੋਜਨਾਬੱਧ ਵਿਕਾਸ ਯਕੀਨੀ ਬਣਾਇਆ ਜਾ ਰਿਹਾ ਹੈ : ਸੁਖਵੀਰ ਸਿੰਘ* ਧੂਰੀ, 13 ਫਰਵਰੀ:(ਅਰਵਿੰਦਰ ਮੋਹਨ ਸਿੰਘ) ਪੰਜਾਬ ਦੇ ਮੁੱਖ ਮੰਤਰੀ ਸ. ਭਗਵੰਤ ਸਿੰਘ ਮਾਨ ਦੇ ਓ.ਐਸ.ਡੀ. ਸ. ਸੁਖਵੀਰ ਸਿੰਘ ਵੱਲੋਂ ਅੱਜ ਧੂਰੀ ਹਲਕੇ ਅਧੀਨ ਆਉਂਦੇ ਪਿੰਡ ਕਾਂਝਲਾ ਵਿਖੇ 89 ਲੱਖ ਰੁਪਏ ਦੀ ਲਾਗਤ ਨਾਲ ਲਗਭਗ 18 ਕਿ ਮੀ ਲੱਡਾ -ਬਾਲੀਆਂ ਸੜਕ ਦੇ ਦੋਵੇਂ ਪਾਸੇ 5-5 ਫੁੱਟ ਇੰਟਰਲਾਕ ਟਾਈਲਾਂ ਲਗਾਉਣ ਦੇ ਕੰਮ ਦੀ ਸ਼ੁਰੂਆਤ ਕਰਵਾਈ ਗਈ। ਇਸ ਮੌਕੇ ਜ਼ਿਲ੍ਹਾ ਪ੍ਰੀਸ਼ਦ ਮੈਂਬਰ ਸ੍ਰੀ ਹਰਜਿੰਦਰ ਸਿੰਘ ਕਾਂਝਲਾ ਅਤੇ ਬਲਾਕ ਸੰਮਤੀ ਮੈਂਬਰ ਸ੍ਰੀ ਰਣਜੋਧ ਸਿੰਘ ਯੋਧਾ ਸਮੇਤ ਹੋਰ ਪ੍ਰਮੁੱਖ ਸ਼ਖਸੀਅਤਾਂ ਅਤੇ ਪਿੰਡ ਵਾਸੀ ਵੀ ਮੌਜੂਦ ਸਨ। ਇਸ ਮੌਕੇ ਸੰਬੋਧਨ ਕਰਦਿਆਂ ਓ.ਐਸ.ਡੀ. ਸੁਖਵੀਰ ਸਿੰਘ ਨੇ ਕਿਹਾ ਕਿ ਪਿੰਡ ਕਿਲਾ ਹਕੀਮਾ, ਕਾਂਝਲਾ ਅਤੇ ਬਾਲੀਆਂ ਦੀਆਂ 18 ਫੁੱਟ ਚੌੜੀਆਂ ਸੜਕਾਂ ਦੇ ਦੋਵੇਂ ਪਾਸਿਆਂ 5-5 ਫੁੱਟ ਇੰਟਰਲਾਕ ਟਾਈਲਾਂ ਲਗਾਈਆਂ ਜਾ ਰਹੀਆਂ ਹਨ, ਜਿਸ ਨਾਲ ਸੜਕਾਂ ਦੇ ਕਿਨਾਰਿਆਂ ਦੀ ਮਜ਼ਬੂਤੀ ਯਕੀਨੀ ਬਣੇਗੀ ਅਤੇ ਬਰਸਾਤੀ ਮੌਸਮ ਦੌਰਾਨ ਸੜਕਾਂ ਦੇ ਕਟਾਅ ਦੀ ਸਮੱਸਿਆ ਤੋਂ ਵੀ ਨਿਜਾਤ ਮਿਲੇਗੀ। ਉਨ੍ਹਾਂ ਕਿਹਾ ਕਿ ਇਸ ਪ੍ਰੋਜੈਕਟ ਨਾਲ ਪੈਦਲ ਜਾਣ ਵਾਲਿਆਂ ਅਤੇ ਦੋ ਪਹੀਆ ਵਾਹਨਾਂ ਲਈ ਆਵਾਜਾਈ ਹੋਰ ਸੁਖਾਲੀ ਅਤੇ ਸੁਰੱਖਿਅਤ ਹੋਵੇਗੀ। ਉਨ੍ਹਾਂ ਦੱਸਿਆ ਕਿ ਪਿੰਡ ਕਿਲਾ ਹਕੀਮਾ ਵਿੱਚ 40.24 ਲੱਖ ਰੁਪਏ, ਪਿੰਡ ਕਾਂਝਲਾ ਵਿੱਚ 36.31 ਲੱਖ ਰੁਪਏ ਅਤੇ ਪਿੰਡ ਬਾਲੀਆਂ ਵਿੱਚ 12.51 ਲੱਖ ਰੁਪਏ ਦੀ ਲਾਗਤ ਨਾਲ ਇਹ ਵਿਕਾਸ ਕਾਰਜ ਅਮਲ ਵਿੱਚ ਲਿਆਂਦਾ ਜਾ ਰਿਹਾ ਹੈ। ਉਨ੍ਹਾਂ ਨੇ ਸਬੰਧਤ ਅਧਿਕਾਰੀਆਂ ਨੂੰ ਨਿਰਦੇਸ਼ ਦਿੱਤੇ ਕਿ ਕੰਮ ਨੂੰ ਨਿਰਧਾਰਤ ਸਮੇਂ ਅੰਦਰ ਉੱਚ ਗੁਣਵੱਤਾ ਨਾਲ ਪੂਰਾ ਕੀਤਾ ਜਾਵੇ ਅਤੇ ਮੌਕੇ ’ਤੇ ਨਿਯਮਤ ਨਿਗਰਾਨੀ ਯਕੀਨੀ ਬਣਾਈ ਜਾਵੇ। ਸੁਖਵੀਰ ਸਿੰਘ ਨੇ ਕਿਹਾ ਕਿ ਮੁੱਖ ਮੰਤਰੀ ਸ. ਭਗਵੰਤ ਸਿੰਘ ਮਾਨ ਦੀ ਅਗਵਾਈ ਹੇਠ ਧੂਰੀ ਹਲਕੇ ਦੇ ਪਿੰਡਾਂ ਵਿੱਚ ਬੁਨਿਆਦੀ ਢਾਂਚੇ ਨੂੰ ਮਜ਼ਬੂਤ ਕਰਨ ਲਈ ਯੋਜਨਾਬੱਧ ਤਰੀਕੇ ਨਾਲ ਵਿਕਾਸ ਕਾਰਜ ਕਰਵਾਏ ਜਾ ਰਹੇ ਹਨ। ਉਨ੍ਹਾਂ ਕਿਹਾ ਕਿ ਸੜਕਾਂ, ਪਾਣੀ, ਸੀਵਰੇਜ ਅਤੇ ਹੋਰ ਜਨ ਸਹੂਲਤਾਂ ਨਾਲ ਜੁੜੇ ਪ੍ਰੋਜੈਕਟਾਂ ਨੂੰ ਤਰਜੀਹ ਦੇ ਆਧਾਰ ’ਤੇ ਪੂਰਾ ਕੀਤਾ ਜਾ ਰਿਹਾ ਹੈ, ਤਾਂ ਜੋ ਪਿੰਡ ਵਾਸੀਆਂ ਨੂੰ ਸ਼ਹਿਰਾਂ ਵਰਗੀਆਂ ਸਹੂਲਤਾਂ ਉਪਲਬਧ ਕਰਵਾਈਆਂ ਜਾ ਸਕਣ। ਉਨ੍ਹਾਂ ਇਹ ਵੀ ਕਿਹਾ ਕਿ ਪੰਜਾਬ ਸਰਕਾਰ ਦਾ ਮੁੱਖ ਟੀਚਾ ਪਿੰਡਾਂ ਦੇ ਸਰਵਪੱਖੀ ਵਿਕਾਸ ਨੂੰ ਯਕੀਨੀ ਬਣਾਉਣਾ ਹੈ, ਤਾਂ ਜੋ ਹਰ ਪਿੰਡ ਤਰੱਕੀ ਅਤੇ ਸਹੂਲਤਾਂ ਦੇ ਮਾਮਲੇ ਵਿੱਚ ਮਿਸਾਲ ਬਣ ਸਕੇ। ਇਸ ਮੌਕੇ ਉਨ੍ਹਾਂ ਪਿੰਡ ਵਾਸੀਆਂ ਨਾਲ ਪਿੰਡ ਵਿੱਚ ਕੀਤੇ ਜਾਣ ਵਾਲੇ ਵਿਕਾਸ ਕਾਰਜਾਂ ਸਬੰਧੀ ਵੀ ਵਿਚਾਰ ਚਰਚਾ ਕੀਤੀ। ਇਸ ਮੌਕੇ ਵੱਖ-ਵੱਖ ਵਿਭਾਗਾਂ ਦੇ ਅਧਿਕਾਰੀ, ਪੰਚਾਇਤ ਮੈਂਬਰ ਅਤੇ ਇਲਾਕਾ ਨਿਵਾਸੀ ਵੀ ਹਾਜ਼ਰ ਸਨ।
Punjab Development Sangrur