August 1, 2026
Dharaledar Bureau / Punjab
ਪਟਿਆਲਾ, 1 ਅਗਸਤ: ਪੰਜਾਬ ਦੇ ਰਾਜਪਾਲ ਸ੍ਰੀ ਗੁਲਾਬ ਚੰਦ ਕਟਾਰੀਆ ਨੇ ਕਿਹਾ ਹੈ ਕਿ ਨਸ਼ਿਆਂ ਵਿਰੁੱਧ ਲੜਾਈ ਕੇਵਲ ਸਰਕਾਰ ਜਾਂ ਪੁਲਿਸ ਦੀ ਨਹੀਂ, ਸਗੋਂ ਸਮੁੱਚੇ ਸਮਾਜ ਦੀ ਸਾਂਝੀ ਜ਼ਿੰਮੇਵਾਰੀ ਹੈ। ਉਨ੍ਹਾਂ ਕਿਹਾ ਕਿ ਨਸ਼ੇ ਸਿਰਫ਼ ਪੰਜਾਬ ਦੀ ਹੀ ਨਹੀਂ, ਸਗੋਂ ਪੂਰੇ ਦੇਸ਼ ਦੀ ਗੰਭੀਰ ਸਮੱਸਿਆ ਹੈ ਕਿਉਂਕਿ ਦੇਸ਼ ਵਿਰੋਧੀ ਤਾਕਤਾਂ ਸਾਡੇ ਨੌਜਵਾਨਾਂ ਨੂੰ ਨਸ਼ਿਆਂ ਦੇ ਜਾਲ ਵਿੱਚ ਫਸਾ ਕੇ ਦੇਸ਼ ਨੂੰ ਕਮਜ਼ੋਰ ਕਰਨ ਦੀ ਸਾਜ਼ਿਸ਼ ਰਚ ਰਹੀਆਂ ਹਨ। ਰਾਜਪਾਲ ਗੁਲਾਬ ਚੰਦ ਕਟਾਰੀਆ ਅੱਜ ਰਾਜੀਵ ਗਾਂਧੀ ਨੈਸ਼ਨਲ ਯੂਨੀਵਰਸਿਟੀ ਆਫ਼ ਲਾਅ ਵਿਖੇ ‘ਯੁੱਧ ਨਸ਼ਿਆਂ ਵਿਰੁੱਧ-ਨਸ਼ਾ ਮੁਕਤ ਪੰਜਾਬ ਵੱਲ’ ਵਿਸ਼ੇ ’ਤੇ ਕੌਮੀ ਕਾਨਫਰੰਸ ਨੂੰ ਸੰਬੋਧਨ ਕਰ ਰਹੇ ਸਨ। ਇਸ ਮੌਕੇ ਉਨ੍ਹਾਂ ਦੇ ਨਾਲ ਹਰਿਆਣਾ ਦੇ ਰਾਜਪਾਲ ਪ੍ਰੋ. ਅਸ਼ੀਮ ਕੁਮਾਰ ਘੋਸ਼ ਵੀ ਮੌਜੂਦ ਸਨ, ਜਿਨ੍ਹਾਂ ਸਮੇਤ ਪੰਜਾਬ ਦੀਆਂ ਵੱਖ-ਵੱਖ ਯੂਨੀਵਰਸਿਟੀਆਂ ਦੇ ਵਾਈਸ ਚਾਂਸਲਰਾਂ ਨੇ ਨਸ਼ਿਆਂ ਦੀ ਸਮੱਸਿਆ ਦੇ ਹੱਲ ਲਈ ਇੱਕਜੁਟਤਾ ਦਾ ਪ੍ਰਗਟਾਵਾ ਕੀਤਾ। ਸ੍ਰੀ ਕਟਾਰੀਆ ਨੇ ਭਰੋਸਾ ਜਤਾਇਆ ਕਿ ਸਰਕਾਰ, ਪ੍ਰਸ਼ਾਸਨ, ਵਿਦਿਅਕ ਸੰਸਥਾਵਾਂ, ਸਮਾਜਿਕ ਅਤੇ ਧਾਰਮਿਕ ਜਥੇਬੰਦੀਆਂ ਅਤੇ ਆਮ ਲੋਕਾਂ ਦੇ ਸਾਂਝੇ ਯਤਨਾਂ ਨਾਲ ਨਸ਼ਿਆਂ ਦੀ ਇਸ ਬੁਰਾਈ ਨੂੰ ਜੜ੍ਹੋਂ ਖਤਮ ਕੀਤਾ ਜਾ ਸਕਦਾ ਹੈ। ਉਨ੍ਹਾਂ ਨੌਜਵਾਨ ਪੀੜ੍ਹੀ ਨੂੰ ਨਸ਼ਿਆਂ ਤੋਂ ਬਚਾਉਣ ਲਈ ਸਮੂਹਿਕ ਜਨ ਅੰਦੋਲਨ ਦਾ ਸੱਦਾ ਦਿੰਦਿਆਂ ਕਿਹਾ ਕਿ ਸਾਡੀ ਅਗਲੀ ਪੀੜ੍ਹੀ ਨੂੰ ਬਚਾਉਣਾ ਹੀ ਦੇਸ਼ ਦੇ ਭਵਿੱਖ ਨੂੰ ਸੁਰੱਖਿਅਤ ਕਰਨਾ ਹੈ। ਰਾਜਪਾਲ ਕਟਾਰੀਆ ਨੇ ਪੰਜਾਬ ਸਰਕਾਰ ਵੱਲੋਂ ਚਲਾਈ ਜਾ ਰਹੀ ‘ਯੁੱਧ ਨਸ਼ਿਆਂ ਵਿਰੁੱਧ’ ਮੁਹਿੰਮ ਦੀ ਸਫ਼ਲਤਾ ਦੇ ਅੰਕੜਿਆਂ ਦਾ ਜ਼ਿਕਰ ਕਰਦਿਆਂ ਕਿਹਾ ਕਿ ਇਹ ਯੁੱਧ ਕੇਵਲ ਨਸ਼ਾ ਤਸਕਰਾਂ ਖ਼ਿਲਾਫ਼ ਕਾਰਵਾਈ ਤੱਕ ਸੀਮਤ ਨਹੀਂ, ਸਗੋਂ ਨੌਜਵਾਨਾਂ ਨੂੰ ਜਾਗਰੂਕ ਕਰਨ, ਇਲਾਜ, ਮੁੜ ਵਸੇਬੇ, ਸਿੱਖਿਆ, ਖੇਡਾਂ ਅਤੇ ਹੁਨਰ ਵਿਕਾਸ ਨਾਲ ਜੋੜਨ ਦੀ ਇੱਕ ਵਿਆਪਕ ਸਮਾਜਿਕ ਮੁਹਿੰਮ ਹੈ। ਉਨ੍ਹਾਂ ਕਿਹਾ ਕਿ ਯੂਨੀਵਰਸਿਟੀਆਂ, ਸਕੂਲਾਂ ਅਤੇ ਹੋਰ ਵਿਦਿਅਕ ਅਦਾਰਿਆਂ ਨੂੰ ਨਸ਼ਿਆਂ ਦੀ ਰੋਕਥਾਮ ਲਈ ਖੋਜ, ਜਾਗਰੂਕਤਾ ਅਤੇ ਸਮਾਜਿਕ ਭਾਗੀਦਾਰੀ ਵਿੱਚ ਅਹਿਮ ਭੂਮਿਕਾ ਨਿਭਾਉਣੀ ਚਾਹੀਦੀ ਹੈ।ਉਨ੍ਹਾਂ ਨੇ ਸਾਰੇ ਵਾਈਸ ਚਾਂਸਲਰਾਂ ਤੇ ਹੋਰ ਸਿੱਖਿਆ ਸ਼ਾਸਤਰੀਆਂ ਨੂੰ ਵੀ ਅਪੀਲ ਕੀਤੀ ਕਿ ਉਹ ਆਪਣੇ ਕੈਂਪਸ ਸੰਭਾਲਣ ਅਤੇ ਨਸ਼ਿਆਂ ਦੀ ਲਤ ਲਗਾ ਚੁੱਕੇ ਵਿਦਿਆਰਥੀਆਂ ਨਾਲ ਰਾਬਤਾ ਕਰਕੇ ਉਨ੍ਹਾਂ ਦੀ ਨਸ਼ਾ ਮੁਕਤੀ ‘ਚ ਮਦਦ ਕਰਨ। ਸ੍ਰੀ ਕਟਾਰੀਆ ਨੇ ਕਿਹਾ ਕਿ ਹੁਣ ਜਾਗਣ ਦਾ ਵੇਲਾ ਹੈ ਅਤੇ ਨਸ਼ਿਆਂ ਦੀ ਦਲਦਲ ‘ਚ ਫਸੇ ਨੌਜਵਾਨਾਂ ਨੂੰ ਤ੍ਰਿਸਕਾਰ ਦੀ ਥਾਂ ਪਿਆਰ ਦੀ ਲੋੜ ਹੈ ਕਿਉਂਕਿ ਨਸ਼ਿਆਂ ਦੇ ਹਾਲਾਤ ਪੈਦਾ ਕਰਨ ਲਈ ਜਿੰਮੇਵਾਰ ਵੀ ਅਸੀਂ ਹੀ ਹਾਂ ਤੇ ਹੁਣ ਇਸ ਬਿਮਾਰੀ ਨੂੰ ਦੂਰ ਕਰਨਾ ਵੀ ਸਾਡੀ ਜ਼ਿੰਮੇਵਾਰੀ ਹੈ। ਇਸ ਦੌਰਾਨ ਹਰਿਆਣਾ ਦੇ ਰਾਜਪਾਲ ਪ੍ਰੋ. ਅਸ਼ੀਮ ਕੁਮਾਰ ਘੋਸ਼ ਨੇ ਵੀ ਨਸ਼ਿਆਂ ਦੀ ਸਮੱਸਿਆ ਬਾਰੇ ਆਪਣੇ ਵਿਚਾਰ ਪ੍ਰਗਟ ਕੀਤੇ। ਉਨ੍ਹਾਂ ਨਾਲ ਹਰਿਆਣਾ ਦੀ ਪ੍ਰਥਮ ਮਹਿਲਾ ਸ਼੍ਰੀਮਤੀ ਮਿਤਰਾ ਘੋਸ਼ ਵੀ ਮੌਜੂਦ ਸਨ। ਰਾਜੀਵ ਗਾਂਧੀ ਨੈਸ਼ਨਲ ਯੂਨੀਵਰਸਿਟੀ ਆਫ਼ ਲਾਅ ਦੇ ਵਾਈਸ ਚਾਂਸਲਰ ਪ੍ਰੋ. ਜੈ ਸ਼ੰਕਰ ਸਿੰਘ ਨੇ ਮਹਿਮਾਨਾਂ ਦਾ ਸਵਾਗਤ ਕਰਦਿਆਂ ਦੱਸਿਆ ਕਿ ਯੂਨੀਵਰਸਿਟੀ ਵੱਲੋਂ ਪੰਜਾਬ ਸਰਕਾਰ ਦੀ ‘ਯੁੱਧ ਨਸ਼ਿਆਂ ਵਿਰੁੱਧ’ ਮੁਹਿੰਮ ਨੂੰ ਸਫ਼ਲ ਬਣਾਉਣ ਲਈ ਪੁਲਿਸ ਅਧਿਕਾਰੀਆਂ ਨੂੰ ਨਸ਼ਾ ਤਸਕਰਾਂ ਖ਼ਿਲਾਫ਼ ਮਜ਼ਬੂਤ ਕਾਨੂੰਨੀ ਕਾਰਵਾਈ ਅਤੇ ਦੋਸ਼ੀਆਂ ਨੂੰ ਸਜ਼ਾਵਾਂ ਦਿਵਾਉਣ ਸਬੰਧੀ ਵਿਸ਼ੇਸ਼ ਕਾਨੂੰਨੀ ਸਿਖਲਾਈ ਦਿੱਤੀ ਜਾ ਰਹੀ ਹੈ। ਮਹਾਰਾਜਾ ਭੁਪਿੰਦਰ ਸਿੰਘ ਪੰਜਾਬ ਸਪੋਰਟਸ ਯੂਨੀਵਰਸਿਟੀ, ਪਟਿਆਲਾ ਦੇ ਵਾਈਸ ਚਾਂਸਲਰ ਪ੍ਰੋ. (ਡਾ.) ਪੁਸ਼ਪਿੰਦਰ ਸਿੰਘ ਗਿੱਲ ਨੇ ਆਪਣੇ ਕੁੰਜੀਵਤ ਭਾਸ਼ਣ ਵਿੱਚ ਨਸ਼ਿਆਂ ਦੀ ਸਮਾਜਿਕ ਸਮੱਸਿਆ ਦੇ ਪ੍ਰਭਾਵਸ਼ਾਲੀ ਹੱਲਾਂ ਬਾਰੇ ਵਿਚਾਰ ਸਾਂਝੇ ਕੀਤੇ। ਇਸ ਮੌਕੇ ਪੰਜਾਬੀ ਯੂਨੀਵਰਸਿਟੀ ਦੇ ਵਾਈਸ ਚਾਂਸਲਰ ਡਾ. ਜਗਦੀਪ ਸਿੰਘ ਅਤੇ ਗੁਰੂ ਨਾਨਕ ਦੇਵ ਯੂਨੀਵਰਸਿਟੀ, ਅੰਮ੍ਰਿਤਸਰ ਦੇ ਵਾਈਸ ਚਾਂਸਲਰ ਡਾ. ਕਰਮਜੀਤ ਸਿੰਘ ਨੇ ਵੀ ਸੰਬੋਧਨ ਕਰਦਿਆਂ ਨਸ਼ਾ ਮੁਕਤ ਸਮਾਜ ਦੀ ਸਿਰਜਣਾ ਲਈ ਵਿਦਿਅਕ ਸੰਸਥਾਵਾਂ ਦੀ ਭੂਮਿਕਾ ਉੱਤੇ ਜ਼ੋਰ ਦਿੱਤਾ। ਕਾਨਫਰੰਸ ਦੇ ਪ੍ਰਬੰਧਕੀ ਸਕੱਤਰ ਡਾ. ਜਸਲੀਨ ਕੇਵਲਾਨੀ ਨੇ ਕਾਨਫਰੰਸ ਦੇ ਉਦੇਸ਼ ਬਾਰੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਇਹ ਕਾਨਫਰੰਸ ਮਹਾਰਾਜਾ ਭੁਪਿੰਦਰ ਸਿੰਘ ਪੰਜਾਬ ਸਪੋਰਟਸ ਯੂਨੀਵਰਸਿਟੀ, ਜਗਤ ਗੁਰੂ ਨਾਨਕ ਦੇਵ ਪੰਜਾਬ ਸਟੇਟ ਓਪਨ ਯੂਨੀਵਰਸਿਟੀ ਅਤੇ ਪੰਜਾਬੀ ਯੂਨੀਵਰਸਿਟੀ ਪਟਿਆਲਾ ਦੇ ਸਹਿਯੋਗ ਨਾਲ ਕਰਵਾਈ ਗਈ ਹੈ। ਡਾ. ਜਸਲੀਨ ਕੇਵਲਾਨੀ ਨੇ ਦੱਸਿਆ ਕਿ ਕਾਨਫਰੰਸ ਦਾ ਉਦੇਸ਼ ਨਸ਼ਿਆਂ ਦੀ ਦੁਰਵਰਤੋਂ ਦੀ ਵਧ ਰਹੀ ਚੁਣੌਤੀ 'ਤੇ ਵਿਚਾਰ-ਵਟਾਂਦਰਾ ਕਰਨਾ ਅਤੇ ਵਿਦਿਅਕ ਸੰਸਥਾਵਾਂ, ਕਾਨੂੰਨੀ ਜਾਗਰੂਕਤਾ, ਖੇਡਾਂ, ਪੁਨਰਵਾਸ ਅਤੇ ਭਾਈਚਾਰਕ ਭਾਗੀਦਾਰੀ ਨੂੰ ਸ਼ਾਮਲ ਕਰਨ ਵਾਲੀ ਇੱਕ ਵਿਆਪਕ ਰਣਨੀਤੀ ਦੀ ਪੜਚੋਲ ਕਰਨਾ ਸੀ। ਕਾਨਫਰੰਸ ਦੇ ਅੰਤ ਵਿੱਚ ਲਾਅ ਯੂਨੀਵਰਸਿਟੀ ਦੇ ਰਜਿਸਟਰਾਰ ਪ੍ਰੋ ਇਵਨੀਤ ਵਾਲੀਆ ਨੇ ਧੰਨਵਾਦ ਕੀਤਾ। ਇਸ ਮੌਕੇ ਵੱਖ-ਵੱਖ ਯੂਨੀਵਰਸਿਟੀਆਂ ਦੇ ਵਾਈਸ ਚਾਂਸਲਰ ਪ੍ਰੋ ਸਤਬੀਰ ਸਿੰਘ ਗੋਸਲ, ਪ੍ਰੋ ਅਜੇ ਰੰਗਾ, ਡੀਨ ਅਕਾਦਮਿਕ ਡਾ. ਨਰੇਸ਼ ਕੁਮਾਰ ਵਤਸ, ਡੀਨ ਖੋਜ ਡਾ. ਕਮਲਜੀਤ ਕੌਰ, ਡਾ. ਜਸਲੀਨ ਕੇਵਲਾਨੀ, ਐਸ ਐਸ ਪੀ ਵਰੁਣ ਸ਼ਰਮਾ, ਐਸ ਪੀ ਵੈਭਵ ਚੌਧਰੀ, ਏਡੀਸੀ ਨਵਰੀਤ ਕੌਰ ਸੇਖੋਂ, ਡਾ. ਅੰਕਿਤ ਸ਼੍ਰੀਵਾਸਤਵ, ਡਾ. ਬ੍ਰਿੰਦਪ੍ਰੀਤ ਕੌਰ, ਡਾ. ਗਗਨ ਪ੍ਰੀਤ, ਡਾ. ਗੁਰਮਨਪ੍ਰੀਤ, ਪ੍ਰੋਫੈਸਰ ਡਾ. ਕਮਲਜੀਤ, ਡਾ. ਰਚਨਾ ਸ਼ਰਮਾ, ਡਾ. ਵਜ਼ੀਦਾ ਰਹਿਮਾਨ, ਹਰਕਿਰਨ ਸਿੰਘ, ਡਾ. ਕੋਮਲ ਜੈਨ, ਡਾ. ਨੀਲਮ ਕੇ. ਸ਼ਰਮਾ ਅਤੇ ਸਪੋਰਟਸ ਯੂਨੀਵਰਸਿਟੀ ਤੋਂ ਕਰਨਲ ਪਰਮਿੰਦਰ ਸਿੰਘ ਸਿੱਧੂ, ਪ੍ਰਬੰਧਕੀ ਕਮੇਟੀ ਤੇ ਫੈਕਲਟੀ ਮੈਂਬਰ, ਖੋਜਕਰਤਾ ਅਤੇ ਵਿਦਿਆਰਥੀ ਵੱਡੀ ਗਿਣਤੀ ਵਿੱਚ ਹਾਜ਼ਰ ਸਨ।ਇਸ ਸਮਾਗਮ ਵਿੱਚ ਪ੍ਰੋ. (ਡਾ.) ਜੈ ਸ਼ੰਕਰ ਸਿੰਘ ਤੇ ਡਾ. ਜਸਵਿੰਦਰ ਕੌਰ ਦੀਆਂ ਕਿਤਾਬਾਂ ਸਮੇਤ ਡਾ. ਬੀਰੇਂਦਰ ਸਿੰਘ ਦੁਆਰਾ ਲਿਖੀ ਤੇ ਡਾ. ਜਸਲੀਨ ਕੇਵਲਾਨੀ ਵੱਲੋਂ ਸੰਪਾਦਕ ਕਿਤਾਬ ਵੀ ਜਾਰੀ ਕੀਤੀ ਗਈ। *****
Patiala News