October 24, 2026
ਕੁੱਲੜ ਪੀਜ਼ਾ ਫੇਮ ਸਹਿਜ ਅਰੋੜਾ ਦੀ ਵੀਡੀਓ ਵਾਇਰਲ, ਬਰੇਨ ਟਿਊਮਰ ਹੋਣ ਦਾ ਕੀਤਾ ਦਾਅਵਾ
Prabhsimran Singh / Jalandhar
ਜਲੰਧਰ ਤੋਂ ਕੁੱਲੜ ਪੀਜ਼ਾ ਵੇਚਣ ਕਾਰਨ ਸੋਸ਼ਲ ਮੀਡੀਆ ’ਤੇ ਮਸ਼ਹੂਰ ਹੋਏ ਸਹਿਜ ਅਰੋੜਾ ਦੀ ਇੱਕ ਵੀਡੀਓ ਇਨ੍ਹੀਂ ਦਿਨੀਂ ਵਾਇਰਲ ਹੋ ਰਹੀ ਹੈ। ਵੀਡੀਓ ਵਿੱਚ ਸਹਿਜ ਅਰੋੜਾ ਹਸਪਤਾਲ ਵਿੱਚ ਦਾਖ਼ਲ ਹੋਣ ਦੀ ਗੱਲ ਕਰਦਿਆਂ ਆਪਣੀ ਸਿਹਤ ਨੂੰ ਲੈ ਕੇ ਚਿੰਤਾ ਜ਼ਾਹਰ ਕਰਦੇ ਨਜ਼ਰ ਆ ਰਹੇ ਹਨ। ਉਨ੍ਹਾਂ ਨੇ ਦਾਅਵਾ ਕੀਤਾ ਕਿ ਡਾਕਟਰਾਂ ਨੇ ਉਨ੍ਹਾਂ ਨੂੰ ਬਰੇਨ ਟਿਊਮਰ ਹੋਣ ਬਾਰੇ ਦੱਸਿਆ ਹੈ। ਉਨ੍ਹਾਂ ਨੇ ਇਹ ਖ਼ਦਸ਼ਾ ਵੀ ਜ਼ਾਹਰ ਕੀਤਾ ਕਿ ਸ਼ਾਇਦ ਉਹ ਜ਼ਿੰਦਾ ਨਾ ਬਚ ਸਕਣ। ਹਾਲਾਂਕਿ, ਉਨ੍ਹਾਂ ਦੀ ਬਿਮਾਰੀ ਅਤੇ ਮੈਡੀਕਲ ਰਿਪੋਰਟਾਂ ਸਬੰਧੀ ਹਾਲੇ ਤੱਕ ਕੋਈ ਅਧਿਕਾਰਤ ਪੁਸ਼ਟੀ ਸਾਹਮਣੇ ਨਹੀਂ ਆਈ ਹੈ। ਵੀਡੀਓ ਵਿੱਚ ਸਹਿਜ ਅਰੋੜਾ ਭਾਵੁਕ ਹੁੰਦਿਆਂ ਲੋਕਾਂ ਨੂੰ ਅਪੀਲ ਕਰਦੇ ਹਨ ਕਿ ਜੇਕਰ ਉਨ੍ਹਾਂ ਦੀ ਮੌਤ ਹੋ ਜਾਂਦੀ ਹੈ ਤਾਂ ਉਨ੍ਹਾਂ ਦੀ ਪਤਨੀ ਅਤੇ ਬੱਚਿਆਂ ਨੂੰ ਟਰੌਲ ਨਾ ਕੀਤਾ ਜਾਵੇ ਅਤੇ ਨਾ ਹੀ ਕਿਸੇ ਤਰ੍ਹਾਂ ਪ੍ਰੇਸ਼ਾਨ ਕੀਤਾ ਜਾਵੇ। ਉਨ੍ਹਾਂ ਕਿਹਾ ਕਿ ਉਹ ਪਿਛਲੇ ਤਿੰਨ ਸਾਲਾਂ ਤੋਂ ਨਰਕ ਵਰਗੀ ਜ਼ਿੰਦਗੀ ਜੀ ਰਹੇ ਹਨ ਅਤੇ ਲੋਕਾਂ ਦੀਆਂ ਲਗਾਤਾਰ ਟਿੱਪਣੀਆਂ ਤੋਂ ਤੰਗ ਆ ਚੁੱਕੇ ਹਨ। ਸੋਸ਼ਲ ਮੀਡੀਆ ’ਤੇ ਸਾਹਮਣੇ ਆਈ ਇਸ ਵੀਡੀਓ ਵਿੱਚ ਸਹਿਜ ਆਪਣੀ ਸਿਹਤ ਅਤੇ ਪਿਛਲੇ ਕੁਝ ਸਾਲਾਂ ਦੌਰਾਨ ਹੰਢਾਏ ਹਾਲਾਤ ਬਾਰੇ ਗੱਲ ਕਰਦੇ ਦਿਖਾਈ ਦੇ ਰਹੇ ਹਨ। ਵੀਡੀਓ ਵਾਇਰਲ ਹੋਣ ਤੋਂ ਬਾਅਦ ਲੋਕਾਂ ਵਿੱਚ ਉਨ੍ਹਾਂ ਦੀ ਸਿਹਤ ਨੂੰ ਲੈ ਕੇ ਚਰਚਾ ਸ਼ੁਰੂ ਹੋ ਗਈ ਹੈ। ਜਲੰਧਰ ਦੇ ਸਹਿਜ ਅਰੋੜਾ ਆਪਣੀ ਪਤਨੀ ਗੁਰਪ੍ਰੀਤ ਕੌਰ ਨਾਲ ਕੁੱਲੜ ਵਿੱਚ ਪੀਜ਼ਾ ਵੇਚਣ ਦੇ ਵਿਲੱਖਣ ਤਰੀਕੇ ਕਾਰਨ ਸੋਸ਼ਲ ਮੀਡੀਆ ’ਤੇ ਮਸ਼ਹੂਰ ਹੋਏ ਸਨ। ਇਹ ਜੋੜਾ ਪਹਿਲਾਂ ਵੀ ਕਈ ਵਿਵਾਦਾਂ ਕਾਰਨ ਸੁਰਖ਼ੀਆਂ ਵਿੱਚ ਰਹਿ ਚੁੱਕਾ ਹੈ। ਸਾਲ 2023 ਵਿੱਚ ਇੱਕ ਇਤਰਾਜ਼ਯੋਗ ਵੀਡੀਓ ਸੋਸ਼ਲ ਮੀਡੀਆ ’ਤੇ ਵਾਇਰਲ ਹੋਣ ਤੋਂ ਬਾਅਦ ਵੀ ਇਹ ਜੋੜਾ ਚਰਚਾ ਵਿੱਚ ਆਇਆ ਸੀ। ਉਸ ਸਮੇਂ ਸਹਿਜ ਅਰੋੜਾ ਨੇ ਵੀਡੀਓ ਨੂੰ ਜਾਅਲੀ ਦੱਸਦਿਆਂ ਪੁਲੀਸ ਕੋਲ ਸ਼ਿਕਾਇਤ ਦਰਜ ਕਰਵਾਈ ਸੀ। ਹੁਣ ਸਹਿਜ ਅਰੋੜਾ ਦੀ ਸਿਹਤ ਸਬੰਧੀ ਦਾਅਵਿਆਂ ਵਾਲੀ ਨਵੀਂ ਵੀਡੀਓ ਨੇ ਮੁੜ ਉਨ੍ਹਾਂ ਨੂੰ ਚਰਚਾ ਵਿੱਚ ਲਿਆ ਦਿੱਤਾ ਹੈ। ਹਾਲਾਂਕਿ, ਬਰੇਨ ਟਿਊਮਰ ਸਬੰਧੀ ਦਾਅਵੇ ਦੀ ਅਧਿਕਾਰਤ ਪੁਸ਼ਟੀ ਹੋਣੀ ਹਾਲੇ ਬਾਕੀ ਹੈ।
Sehaj Arora Kulhad Pizza Sehaj Arora Viral Video Jalandhar News Brain Tumor Claim Social Media Viral Video Gurpreet Kaur Punjab News