October 20, 2026
ਪਰਵਿੰਦਰ ਸਿੰਘ ਝੋਟਾ ਕਤਲ ਕਾਂਡ: ਪੰਜ ਪੁਲੀਸ ਕੇਸਾਂ ਦੇ ਬਾਵਜੂਦ ਅਸ਼ਵਨੀ ਕੁਮਾਰ ਨੂੰ ਜਾਰੀ ਹੋਇਆ ਸੀ ਅਸਲਾ ਲਾਇਸੈਂਸ, Ias ਅਧਿਕਾਰੀ ’ਤੇ ਉੱਠੇ ਸਵਾਲ
Prabhsimran Singh / Punjab
ਮਾਨਸਾ ਦੇ ਨਸ਼ਾ ਵਿਰੋਧੀ ਕਾਰਕੁੰਨ ਪਰਵਿੰਦਰ ਸਿੰਘ ਝੋਟਾ ਦੀ ਹੱਤਿਆ ਦੇ ਮਾਮਲੇ ਵਿੱਚ ਮੁਲਜ਼ਮ ਅਸ਼ਵਨੀ ਕੁਮਾਰ ਨੂੰ ਅਸਲਾ ਲਾਇਸੈਂਸ ਜਾਰੀ ਕਰਨ ਵਾਲੇ ਆਈਏਐੱਸ ਅਧਿਕਾਰੀ ਨਿਰਮਲ ਉਸੇਪਚਨ ਦੀ ਭੂਮਿਕਾ ਨੂੰ ਲੈ ਕੇ ਸਵਾਲ ਉੱਠਣ ਲੱਗੇ ਹਨ। ਜਾਣਕਾਰੀ ਅਨੁਸਾਰ, 2019 ਬੈਚ ਦੇ ਆਈਏਐੱਸ ਅਧਿਕਾਰੀ ਨਿਰਮਲ ਉਸੇਪਚਨ ਨੇ ਮਾਨਸਾ ਦੇ ਵਧੀਕ ਡਿਪਟੀ ਕਮਿਸ਼ਨਰ ਵਜੋਂ ਤਾਇਨਾਤੀ ਦੌਰਾਨ 21 ਅਗਸਤ 2024 ਨੂੰ ਅਸ਼ਵਨੀ ਕੁਮਾਰ ਨੂੰ ਅਸਲਾ ਲਾਇਸੈਂਸ ਜਾਰੀ ਕੀਤਾ ਸੀ, ਜਦਕਿ ਉਸ ਵਿਰੁੱਧ ਪੰਜ ਪੁਲੀਸ ਕੇਸ ਦਰਜ ਸਨ। ਨਿਰਮਲ ਉਸੇਪਚਨ ਨੇ 11 ਦਸੰਬਰ 2023 ਨੂੰ ਮਾਨਸਾ ਦੇ ਵਧੀਕ ਡਿਪਟੀ ਕਮਿਸ਼ਨਰ ਵਜੋਂ ਅਹੁਦਾ ਸੰਭਾਲਿਆ ਸੀ ਅਤੇ ਉਹ 19 ਮਾਰਚ 2025 ਤੱਕ ਇਸ ਅਹੁਦੇ ’ਤੇ ਰਹੇ। ਮੌਜੂਦਾ ਸਮੇਂ ਉਹ ਪੰਜਾਬ ਦੇ ਮੁੱਖ ਸਕੱਤਰ ਦੇ ਓਐੱਸਡੀ ਵਜੋਂ ਵਾਧੂ ਚਾਰਜ ਸੰਭਾਲ ਰਹੇ ਹਨ। ਜੇਕਰ ਪਰਵਿੰਦਰ ਸਿੰਘ ਝੋਟਾ ਕਤਲ ਕਾਂਡ ਦੀ ਸੀਬੀਆਈ ਜਾਂਚ ਸ਼ੁਰੂ ਹੁੰਦੀ ਹੈ ਤਾਂ ਅਸ਼ਵਨੀ ਕੁਮਾਰ ਨੂੰ ਜਾਰੀ ਕੀਤੇ ਗਏ ਅਸਲਾ ਲਾਇਸੈਂਸ ਦੀ ਵੀ ਜਾਂਚ ਹੋਣ ਦੀ ਸੰਭਾਵਨਾ ਹੈ। ਮਾਨਸਾ ਵਿੱਚ ਇਨਸਾਫ਼ ਲਈ ਸੰਘਰਸ਼ ਕਰ ਰਹੀ ਐਕਸ਼ਨ ਕਮੇਟੀ ਪਹਿਲਾਂ ਹੀ ਦੋਸ਼ ਲਾ ਚੁੱਕੀ ਹੈ ਕਿ ਵਧੀਕ ਡਿਪਟੀ ਕਮਿਸ਼ਨਰ ’ਤੇ ਦਬਾਅ ਬਣਾ ਕੇ ਅਸ਼ਵਨੀ ਕੁਮਾਰ ਨੂੰ ਅਸਲਾ ਲਾਇਸੈਂਸ ਜਾਰੀ ਕਰਵਾਇਆ ਗਿਆ ਸੀ। ਕਮੇਟੀ ਦੇ ਆਗੂਆਂ ਨੇ ਮੰਗ ਕੀਤੀ ਹੈ ਕਿ ਲਾਇਸੈਂਸ ਦੀ ਸਿਫ਼ਾਰਸ਼ ਕਰਨ ਵਾਲੇ ਸਿਆਸੀ ਆਗੂ ਦੀ ਪਛਾਣ ਕੀਤੀ ਜਾਵੇ। ਉਨ੍ਹਾਂ ਦਾ ਕਹਿਣਾ ਹੈ ਕਿ ਜੇਕਰ ਸੀਬੀਆਈ ਜਾਂਚ ਸ਼ੁਰੂ ਹੁੰਦੀ ਹੈ ਤਾਂ ਇਸ ਮਾਮਲੇ ਵਿੱਚ ਸਬੰਧਿਤ ਸਿਆਸੀ ਆਗੂਆਂ ਦੀ ਭੂਮਿਕਾ ਦੀ ਵੀ ਜਾਂਚ ਹੋਣੀ ਚਾਹੀਦੀ ਹੈ। ਜਾਣਕਾਰੀ ਅਨੁਸਾਰ, ਜਨਵਰੀ 2026 ਵਿੱਚ ਕੇਰਲਾ ਵਿਖੇ ਆਈਏਐੱਸ ਅਧਿਕਾਰੀ ਨਿਰਮਲ ਉਸੇਪਚਨ ਦੇ ਵਿਆਹ ਸਮਾਗਮਾਂ ਵਿੱਚ ਆਮ ਆਦਮੀ ਪਾਰਟੀ ਦੇ ਤਿੰਨ ਸੀਨੀਅਰ ਆਗੂ ਸ਼ਾਮਲ ਹੋਏ ਸਨ। ਇਨ੍ਹਾਂ ਵਿੱਚ ਮਾਨਸਾ ਦੇ ਦੋ ਜ਼ਿਲ੍ਹਾ ਪੱਧਰੀ ਆਗੂ ਵੀ ਸ਼ਾਮਲ ਸਨ। ਜੈਤੋ ਤੋਂ ਵਿਧਾਇਕ ਅਮੋਲਕ ਸਿੰਘ ਵੀ ਵਿਆਹ ਸਮਾਗਮਾਂ ਵਿੱਚ ਪਹੁੰਚੇ ਸਨ। ਵਿਧਾਇਕ ਅਮੋਲਕ ਸਿੰਘ ਨੇ ਕਿਹਾ ਕਿ ਨਿਰਮਲ ਉਸੇਪਚਨ ਜੈਤੋ ਦੇ ਐੱਸਡੀਐੱਮ ਰਹਿ ਚੁੱਕੇ ਹਨ ਅਤੇ ਪੁਰਾਣੇ ਸਬੰਧਾਂ ਕਾਰਨ ਉਹ ਵਿਆਹ ਵਿੱਚ ਸ਼ਾਮਲ ਹੋਏ ਸਨ। ਉਨ੍ਹਾਂ ਇਹ ਵੀ ਕਿਹਾ ਕਿ ਉਹ ਕੇਰਲਾ ਦਾ ਸੱਭਿਆਚਾਰ ਦੇਖਣਾ ਚਾਹੁੰਦੇ ਸਨ। ਵੇਰਵਿਆਂ ਮੁਤਾਬਕ, ਅਸ਼ਵਨੀ ਕੁਮਾਰ ਕੋਲ 7.62 ਐੱਮਐੱਮ ਦਾ ਇੱਕ ਪਿਸਟਲ ਅਤੇ 12 ਬੋਰ ਦੀ ਇੱਕ ਗੰਨ ਸੀ। ਉਸ ਦੇ ਅਸਲਾ ਲਾਇਸੈਂਸ ਦੀ ਮਿਆਦ 21 ਅਗਸਤ 2024 ਤੋਂ 20 ਅਗਸਤ 2029 ਤੱਕ ਸੀ। ਪਰਵਿੰਦਰ ਸਿੰਘ ਝੋਟਾ ਦੀ ਮਾਨਸਾ ਵਿੱਚ ਆਪਣੀ ਦਵਾਈਆਂ ਦੀ ਦੁਕਾਨ ’ਤੇ ਹੱਤਿਆ ਕਰਨ ਲਈ ਅਸ਼ਵਨੀ ਕੁਮਾਰ ਨੇ ਇਸੇ ਲਾਇਸੈਂਸੀ ਹਥਿਆਰ ਦੀ ਵਰਤੋਂ ਕੀਤੀ ਸੀ। ਜ਼ਿਲ੍ਹਾ ਮੈਜਿਸਟਰੇਟ ਵੱਲੋਂ ਉਸ ਨੂੰ ਇੱਕ ਵਾਰ ਵਿੱਚ 50 ਕਾਰਤੂਸ ਅਤੇ ਇੱਕ ਸਾਲ ਵਿੱਚ ਕੁੱਲ 100 ਕਾਰਤੂਸ ਖ਼ਰੀਦਣ ਦੀ ਇਜਾਜ਼ਤ ਵੀ ਦਿੱਤੀ ਗਈ ਸੀ। ਅਸਲਾ ਲਾਇਸੈਂਸ ਸਬੰਧੀ ਪੁਲੀਸ ਦੀ ਸਿਫ਼ਾਰਸ਼ ਵਿੱਚ ਅਸ਼ਵਨੀ ਕੁਮਾਰ ਵਿਰੁੱਧ ਦਰਜ ਪੰਜ ਪੁਲੀਸ ਕੇਸਾਂ ਦਾ ਜ਼ਿਕਰ ਕੀਤਾ ਗਿਆ ਸੀ। ਇਸ ਤੋਂ ਇਲਾਵਾ, ਉਸ ਨੂੰ ਖ਼ਤਰਾ ਹੋਣ ਦੇ ਆਧਾਰ ਵਜੋਂ ਮਾਨਸਾ ਦੇ ਸਿਟੀ-2 ਥਾਣੇ ਵਿੱਚ ਦਰਜ ਐੱਫਆਈਆਰ ਨੰਬਰ 66, ਮਿਤੀ 4 ਅਪਰੈਲ 2024, ਦਾ ਹਵਾਲਾ ਦਿੱਤਾ ਗਿਆ ਸੀ। ਮਾਨਸਾ ਦੇ ਐੱਸਐੱਸਪੀ ਨੇ 9 ਅਗਸਤ 2024 ਨੂੰ ਪੱਤਰ ਨੰਬਰ 91/ਐੱਨਏਐੱਲ ਰਾਹੀਂ ਅਸਲਾ ਲਾਇਸੈਂਸ ਜਾਰੀ ਕਰਨ ਦੀ ਸਿਫ਼ਾਰਸ਼ ਕੀਤੀ ਸੀ, ਜਿਸ ਤੋਂ ਬਾਅਦ 21 ਅਗਸਤ 2024 ਨੂੰ ਲਾਇਸੈਂਸ ਜਾਰੀ ਕਰ ਦਿੱਤਾ ਗਿਆ। ਸ਼੍ਰੋਮਣੀ ਅਕਾਲੀ ਦਲ ਦੇ ਸੀਨੀਅਰ ਆਗੂ ਅਤੇ ਸਾਬਕਾ ਮੰਤਰੀ ਬਿਕਰਮ ਸਿੰਘ ਮਜੀਠੀਆ ਨੇ ਅਸਲਾ ਲਾਇਸੈਂਸ ਜਾਰੀ ਕਰਨ ਵਾਲੇ ਆਈਏਐੱਸ ਅਧਿਕਾਰੀ ਨੂੰ ਲੈ ਕੇ ਪੰਜਾਬ ਦੇ ਮੁੱਖ ਸਕੱਤਰ ’ਤੇ ਨਿਸ਼ਾਨਾ ਸਾਧਿਆ ਹੈ। ਮਜੀਠੀਆ ਨੇ ਦੋਸ਼ ਲਾਇਆ ਕਿ ਜਿਸ ਅਧਿਕਾਰੀ ਨੇ ਅਸ਼ਵਨੀ ਕੁਮਾਰ ਨੂੰ ਅਸਲਾ ਲਾਇਸੈਂਸ ਜਾਰੀ ਕੀਤਾ ਸੀ, ਉਸ ਨੂੰ ਮੁੱਖ ਸਕੱਤਰ ਨੇ ਆਪਣਾ ਓਐੱਸਡੀ ਨਿਯੁਕਤ ਕੀਤਾ ਹੈ। ਉਨ੍ਹਾਂ ਇਸ ਨਿਯੁਕਤੀ ਨੂੰ ਅਧਿਕਾਰੀ ਨੂੰ ਤਰੱਕੀ ਦੇਣ ਦੇ ਬਰਾਬਰ ਕਰਾਰ ਦਿੱਤਾ।
Parvinder Singh Jhota Ashwani Kumar Mansa News Punjab News Arms License Ias Officer Nirmal Usepchan Cbi Investigation Bikram Singh Majithia Aam Aadmi Party Punjab Government Punjab Politics Crime News