October 20, 2026
ਮੀਕਾ ਸਿੰਘ ਨੇ ਦਲੇਰ ਮਹਿੰਦੀ ਦਾ ਕੀਤਾ ਬਚਾਅ, ਲਿਪ-ਸਿੰਕਿੰਗ ਤੇ ਸ਼ਰਾਬ ਪੀਣ ਦੇ ਦੋਸ਼ਾਂ ਨੂੰ ਦੱਸਿਆ ਬੇਬੁਨਿਆਦ
Uttarakhand
ਮਸ਼ਹੂਰ ਪੰਜਾਬੀ ਗਾਇਕ ਮੀਕਾ ਸਿੰਘ ਨੇ ਆਪਣੇ ਵੱਡੇ ਭਰਾ ਅਤੇ ਦਿੱਗਜ ਗਾਇਕ ਦਲੇਰ ਮਹਿੰਦੀ ’ਤੇ ਸਟੇਜ ’ਤੇ ਲਿਪ-ਸਿੰਕਿੰਗ ਕਰਨ ਅਤੇ ਸ਼ਰਾਬ ਪੀ ਕੇ ਪਰਫਾਰਮ ਕਰਨ ਦੇ ਲੱਗੇ ਦੋਸ਼ਾਂ ਦਾ ਖੰਡਨ ਕੀਤਾ ਹੈ। ਮੀਕਾ ਸਿੰਘ ਨੇ ਇਨ੍ਹਾਂ ਦੋਸ਼ਾਂ ’ਤੇ ਨਿਰਾਸ਼ਾ ਜ਼ਾਹਰ ਕਰਦਿਆਂ ਕਿਹਾ ਕਿ ਬਿਨਾਂ ਠੋਸ ਸਬੂਤਾਂ ਦੇ ਕਿਸੇ ਕਲਾਕਾਰ ਦੀ ਸਾਖ਼ ਨੂੰ ਨੁਕਸਾਨ ਪਹੁੰਚਾਉਣਾ ਗਲਤ ਹੈ। ਉਨ੍ਹਾਂ ਮੀਡੀਆ ਅਦਾਰਿਆਂ ਨੂੰ ਵੀ ਖ਼ਬਰਾਂ ਪ੍ਰਕਾਸ਼ਿਤ ਕਰਨ ਤੋਂ ਪਹਿਲਾਂ ਤੱਥਾਂ ਦੀ ਜਾਂਚ ਕਰਨ ਦੀ ਅਪੀਲ ਕੀਤੀ। ਆਪਣੇ ਇੰਸਟਾਗ੍ਰਾਮ ਹੈਂਡਲ ’ਤੇ ਸਾਂਝੀ ਕੀਤੀ ਵੀਡੀਓ ਵਿੱਚ ਮੀਕਾ ਸਿੰਘ ਨੇ ਦੱਸਿਆ ਕਿ ਦਲੇਰ ਮਹਿੰਦੀ ਪਿਛਲੇ ਦੋ ਸਾਲਾਂ ਤੋਂ ਸਿਹਤ ਸਮੱਸਿਆਵਾਂ ਨਾਲ ਜੂਝ ਰਹੇ ਹਨ ਅਤੇ ਹਾਲ ਹੀ ਵਿੱਚ ਉਨ੍ਹਾਂ ਦਾ ਵੱਡਾ ਅਪਰੇਸ਼ਨ ਹੋਇਆ ਹੈ। ਇਸ ਦੇ ਬਾਵਜੂਦ ਉਹ ਆਪਣੇ ਪ੍ਰਸ਼ੰਸਕਾਂ ਲਈ ਸਟੇਜ ’ਤੇ ਪਰਫਾਰਮ ਕਰ ਰਹੇ ਹਨ। ਮੀਕਾ ਨੇ ਕਿਹਾ ਕਿ ਦਲੇਰ ਮਹਿੰਦੀ ਸ਼ਰਾਬ ਦਾ ਸੇਵਨ ਨਹੀਂ ਕਰਦੇ ਅਤੇ ਉਨ੍ਹਾਂ ’ਤੇ ਸ਼ਰਾਬ ਪੀ ਕੇ ਪਰਫਾਰਮ ਕਰਨ ਦੇ ਲਾਏ ਗਏ ਦੋਸ਼ ਬੇਬੁਨਿਆਦ ਹਨ। ਮੀਕਾ ਸਿੰਘ ਨੇ ਕਿਹਾ ਕਿ ਉਹ ਆਪਣੇ ਭਰਾ ਨੂੰ ਚੰਗੀ ਤਰ੍ਹਾਂ ਜਾਣਦੇ ਹਨ ਅਤੇ ਦਲੇਰ ਮਹਿੰਦੀ ਸ਼ਰਾਬ ਨਹੀਂ ਪੀਂਦੇ। ਉਨ੍ਹਾਂ ਨੇ ਸਟੇਜ ’ਤੇ ਇੱਕ ਜ਼ਿੰਮੇਵਾਰ ਮੰਤਰੀ ਵੱਲੋਂ ਅਜਿਹੇ ਦੋਸ਼ ਲਗਾਉਣ ’ਤੇ ਵੀ ਨਿਰਾਸ਼ਾ ਪ੍ਰਗਟਾਈ। ਮੀਕਾ ਨੇ ਕਿਹਾ ਕਿ ਅੱਜਕੱਲ੍ਹ ਕਈ ਕਲਾਕਾਰ ਬੈਕਿੰਗ ਟਰੈਕਾਂ ਦੀ ਵਰਤੋਂ ਕਰਦੇ ਹਨ, ਪਰ ਉਨ੍ਹਾਂ ਨੂੰ ਇਸ ਤਰ੍ਹਾਂ ਸਵਾਲਾਂ ਦੇ ਘੇਰੇ ਵਿੱਚ ਨਹੀਂ ਲਿਆਂਦਾ ਜਾਂਦਾ। ਉਨ੍ਹਾਂ ਕੌਮਾਂਤਰੀ ਬੈਂਡ ਕੋਲਡਪਲੇ ਦੀ ਉਦਾਹਰਨ ਦਿੰਦਿਆਂ ਸਵਾਲ ਕੀਤਾ ਕਿ ਕੀ ਕਿਸੇ ਨਾਲ ਸਟੇਜ ’ਤੇ ਅਜਿਹਾ ਵਿਹਾਰ ਕਰਨ ਦੀ ਹਿੰਮਤ ਕੀਤੀ ਜਾ ਸਕਦੀ ਹੈ? ਜ਼ਿਕਰਯੋਗ ਹੈ ਕਿ ਇਹ ਵਿਵਾਦ ਉੱਤਰਾਖੰਡ ਦੇ ਨਰਿੰਦਰ ਨਗਰ ਤੋਂ ਵਿਧਾਇਕ ਅਤੇ ਕੈਬਨਿਟ ਮੰਤਰੀ ਸੁਬੋਧ ਉਨਿਆਲ ਦੇ ਬਿਆਨ ਤੋਂ ਬਾਅਦ ਸ਼ੁਰੂ ਹੋਇਆ। ਮੰਤਰੀ ਨੇ ਟਿਹਰੀ ਗੜ੍ਹਵਾਲ ਵਿੱਚ ਕਰਵਾਏ ਗਏ ‘ਮਾਂ ਕੁੰਜਾਪੁਰੀ ਮੇਲੇ’ ਦੌਰਾਨ ਦਲੇਰ ਮਹਿੰਦੀ ਦੀ ਪੇਸ਼ਕਾਰੀ ’ਤੇ ਸਵਾਲ ਚੁੱਕੇ ਸਨ। ਉਨ੍ਹਾਂ ਦੋਸ਼ ਲਾਇਆ ਸੀ ਕਿ ਗਾਇਕ ਸਟੇਜ ’ਤੇ ਅਸੰਤੁਲਿਤ ਦਿਖਾਈ ਦੇ ਰਹੇ ਸਨ ਅਤੇ 35 ਲੱਖ ਰੁਪਏ ਦੀ ਫ਼ੀਸ ਲੈਣ ਦੇ ਬਾਵਜੂਦ ਸਿਰਫ਼ ਲਿਪ-ਸਿੰਕਿੰਗ ਕਰ ਰਹੇ ਸਨ। ਇਸ ਦੌਰਾਨ ਮੰਤਰੀ ਵੱਲੋਂ ਸਟੇਜ ’ਤੇ ਹੀ ਗਾਇਕ ਨੂੰ ਟੋਕਣ ਦੀ ਵੀਡੀਓ ਸੋਸ਼ਲ ਮੀਡੀਆ ’ਤੇ ਵਾਇਰਲ ਹੋ ਗਈ ਸੀ। ਇਸ ਤੋਂ ਬਾਅਦ ਮੀਕਾ ਸਿੰਘ ਨੇ ਆਪਣੇ ਭਰਾ ਦੇ ਹੱਕ ਵਿੱਚ ਆਵਾਜ਼ ਉਠਾਈ ਹੈ।
Mika Singh Daler Mehndi Punjabi Singer Daler Mehndi Controversy Lip Syncing Allegations Subodh Uniyal Maa Kunjapuri Mela Tehri Garhwal Uttarakhand News Entertainment News Punjabi Music Industry Coldplay